1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਐਲਬਰਟਾ ਦੀ ਆਬਾਦੀ ਵਿਚ ਹੋਇਆ ਰਿਕਾਰਡ ਵਾਧਾ

ਇੱਕ ਸਾਲ ਵਿਚ ਐਲਬਰਟਾ ਦੀ ਆਬਾਦੀ ਵਿਚ 202,000 ਲੋਕ ਵਧੇ

ਡਾਊਨਟਾਊਨ ਕੈਲਗਰੀ ਵਿਚ ਤੁਰੇ ਜਾਂਦੇ ਲੋਕਾਂ ਦੀ ਤਸਵੀਰ।

ਡਾਊਨਟਾਊਨ ਕੈਲਗਰੀ ਵਿਚ ਤੁਰੇ ਜਾਂਦੇ ਲੋਕਾਂ ਦੀ ਤਸਵੀਰ।

ਤਸਵੀਰ: (Evelyne Asselin/CBC)

RCI

ਪਿਛਲੇ ਸਾਲ ਐਲਬਰਟਾ ਵਿਚ ਆਬਾਦੀ ਦੇ ਵਿਕਾਸ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਐਲਬਰਟਾ ਦੇ ਆਬਾਦੀ ਵਿਕਾਸ ਵਿਚ ਕੁਝ ਹਿੱਸਾ ਅੰਤਰਰਾਸ਼ਟਰੀ ਪਰਵਾਸ ਅਤੇ ਕੁਝ ਯੋਗਦਾਨ ਕੈਨੇਡਾ ਦੇ ਬਾਕੀ ਸੂਬਿਆਂ ਤੋਂ ਹੁੰਦੇ ਪਰਵਾਸ ਦਾ ਰਿਹਾ।

ਬੁੱਧਵਾਰ ਨੂੰ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅਨੁਮਾਨਾਂ ਅਨੁਸਾਰ, 1 ਜਨਵਰੀ ਤੱਕ ਦੇ ਅੰਕੜਿਆਂ ਮੁਤਾਬਕ, ਸੂਬੇ ਦੀ ਆਬਾਦੀ 4.8 ਮਿਲੀਅਨ ਤੋਂ ਵੱਧ ਦਰਜ ਕੀਤੀ ਗਈ।

ਇਹ ਇੱਕ ਸਾਲ ਪਹਿਲਾਂ ਦੇ ਮੁਕਾਬਲੇ 202,324 ਲੋਕਾਂ ਦਾ ਵਾਧਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ।

ਐਲਬਰਟਾ ਨੇ ਅੰਤਰ-ਸੂਬਾਈ ਪਰਵਾਸ ਦਾ ਰਾਸ਼ਟਰੀ ਰਿਕਾਰਡ ਵੀ ਤੋੜਿਆ। ਪਿਛਲੇ ਸਾਲ ਐਲਰਬਟਾ ਛੱਡ ਕੇ ਜਾਣ ਵਾਲਿਆਂ ਅਤੇ ਐਲਬਰਟਾ ਆਉਣ ਵਾਲਿਆਂ ਵਿਚ 55,245 ਵਧੇਰੇ ਲੋਕ ਐਲਬਰਟਾ ਪਹੁੰਚੇ ਦਰਜ ਕੀਤੇ ਗਏ।

ਸਟੈਟਿਸਟਿਕਸ ਕੈਨੇਡਾ ਨੇ ਕਿਹਾ, 1972 ਵਿੱਚ ਤੁਲਨਾਤਮਕ ਡੇਟਾ ਉਪਲਬਧ ਹੋਣ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਅੰਤਰ-ਸੂਬਾਈ ਪਰਵਾਸ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ

ਜ਼ਿਆਦਾਤਰ ਅੰਤਰ-ਸੂਬਾਈ ਪਰਵਾਸੀ ਓਨਟੇਰਿਓ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਐਲਬਰਟਾ ਆਏ।

ਸਟੈਟਿਸਟਿਕਸ ਕੈਨੇਡਾ ਦਾ ਅੰਦਾਜ਼ਾ ਹੈ ਕਿ ਪਿਛਲੇ ਸਾਲ 38,236 ਓਨਟੇਰਿਓ ਵਾਸੀ ਐਲਬਰਟਾ ਪਹੁੰਚੇ ਅਤੇ 14,860 ਐਲਬਰਟਾ ਵਾਸੀਆਂ ਨੇ ਓਨਟੇਰਿਓ ਨੂੰ ਕੂਚ ਕੀਤਾ, ਯਾਨੀ ਕਿ 23,376 ਵਧੇਰੇ ਲੋਕ ਐਲਬਰਟਾ ਪਹੁੰਚੇ ਦਰਜ ਕੀਤੇ ਗਏ।

ਇਸੇ ਤਰ੍ਹਾਂ ਪਿਛਲੇ ਸਾਲ 37,650 ਬ੍ਰਿਟਿਸ਼ ਕੋਲੰਬੀਅਨਜ਼ ਐਲਬਰਟਾ ਪਹੁੰਚੇ ਅਤੇ 22,400 ਐਲਬਰਟਾ ਵਾਸੀਆਂ ਨੇ ਬੀਸੀ ਦਾ ਰੁਖ਼ ਕੀਤਾ, ਯਾਨੀ ਕਿ 15,250 ਵਧੇਰੇ ਲੋਕ ਐਲਬਰਟਾ ਪਹੁੰਚੇ।

2023 ਦੌਰਾਨ ਐਲਬਰਟਾ ਦਾ ਆਬਾਦੀ ਵਿਕਾਸ ਦਰਤਸਵੀਰ ਵੱਡੀ ਕਰੋ (ਨਵੀਂ ਵਿੰਡੋ)

2023 ਦੌਰਾਨ ਐਲਬਰਟਾ ਦਾ ਆਬਾਦੀ ਵਿਕਾਸ ਦਰ

ਤਸਵੀਰ: CBC

ਪਿਛਲੇ ਸਾਲ ਦੌਰਾਨ ਐਲਬਰਟਾ ਦੇ ਆਬਾਦੀ ਵਾਧੇ ਦਾ 27% ਹਿੱਸਾ ਅੰਤਰ-ਸੂਬਾਈ ਪਰਵਾਸ ਦਾ ਰਿਹਾ। ਪੱਕੀ ਇਮੀਗ੍ਰੇਸ਼ਨ ਦੀ ਹਿੱਸੇਦਾਰੀ 26% ਅਤੇ ਕੁਦਰਤੀ ਆਬਾਦੀ ਵਾਧੇ (ਮੌਤਾਂ ਦੇ ਮੁਕਾਬਲੇ ਵਧੇਰੇ ਜਨਮ) ਦਾ ਯੋਗਦਾਨ 8% ਰਿਹਾ।

ਹਾਲਾਂਕਿ, ਸਭ ਤੋਂ ਵੱਡਾ ਹਿੱਸਾ, ਅਸਥਾਈ ਅੰਤਰਰਾਸ਼ਟਰੀ ਪਰਵਾਸ ਸੀ। ਐਲਬਰਟਾ ਦੇ ਆਬਾਦੀ ਵਾਧੇ ਵਿਚ ਹੋਰ ਦੇਸ਼ਾਂ ਤੋਂ ਆਏ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਹਿੱਸੇਦਾਰੀ 39% ਦਰਜ ਹੋਈ।

ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਦੀ ਆਬਾਦੀ 1 ਜਨਵਰੀ ਨੂੰ 40,769,890 ਤੱਕ ਪਹੁੰਚ ਗਈ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 3.2 ਫੀਸਦੀ ਵੱਧ ਹੈ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਇਸ 3.2% ਵਾਧੇ ਦਾ ਜ਼ਿਆਦਾਤਰ ਹਿੱਸਾ 2023 ਵਿਚ ਹੋਏ ਅਸਥਾਈ ਪਰਵਾਸ ਦਾ ਹੈ। ਜੇ ਅਸਥਾਈ ਪਰਵਾਸ ਨੂੰ ਮਨਫ਼ੀ ਕਰਕੇ ਸਿਰਫ਼ ਪਰਮਾਨੈਂਟ ਇਮੀਗ੍ਰੇਸ਼ਨ ਅਤੇ ਕੁਦਰਤੀ ਆਬਾਦੀ ਵਾਧੇ ਨੂੰ ਦੇਖੀਏ, ਤਾਂ ਕੈਨੇਡਾ ਦਾ ਆਬਾਦੀ ਵਾਧਾ ਕਰੀਬ 1.2% ਰਿਹਾ।

ਸਾਲ-ਦਰ-ਸਾਲ ਪੱਧਰ ‘ਤੇ ਐਲਬਰਟਾ ਦੀ ਆਬਾਦੀ ਵਿਚ 4.4% ਦਾ ਵਾਧਾ ਹੋਇਆ।

ਐਲਬਰਟਾ ਹੁਣ ਦੇਸ਼ ਦੀ 11.8% ਆਬਾਦੀ ਨੂੰ ਦਰਸਾਉਂਦਾ ਹੈ, ਜੋ ਕਿ ਰਿਕਾਰਡ ਹਿੱਸੇਦਾਰੀ ਹੈ।

ਰੌਬਸਨ ਫ਼ਲੈਚਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ