1. ਮੁੱਖ ਪੰਨਾ
  2. ਸਮਾਜ

ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ

ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ

ਪੁਲਿਸ ਹੈਂਡਆਊਟ ਵਿਚ ਸ਼ਾਮਲ ਕਰਨ ਬਰਾੜ ਦੀ ਤਸਵੀਰ।

ਪੁਲਿਸ ਹੈਂਡਆਊਟ ਵਿਚ ਸ਼ਾਮਲ ਕਰਨ ਬਰਾੜ ਦੀ ਤਸਵੀਰ।

ਤਸਵੀਰ: RCMP Handout / The Canadian Press

RCI

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਦੇ ਦੋਸ਼ ਵਿਚ ਫੜੇ ਗਏ ਤਿੰਨ ਭਾਰਤੀ ਨਾਗਰਿਕਾਂ ਵਿਚੋਂ ਇੱਕ ਸੋਸ਼ਲ ਮੀਡੀਆ ‘ਤੇ ਪਈ ਇੱਕ ਪੁਰਾਣੀ ਵੀਡੀਓ ਚ ਕਹਿੰਦਾ ਹੈ ਕਿ ਉਸਨੇ ਇੱਕ ਭਾਰਤੀ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਕੈਨੇਡੀਅਨ ਵਰਕ ਪਰਮਿਟ ਪ੍ਰਾਪਤ ਕੀਤਾ ਸੀ।

ਸਭ ਤੋਂ ਪਹਿਲਾਂ ਇਹ ਖ਼ਬਰ ਗਲੋਬਲ ਨਿਊਜ਼ ਨੇ ਛਾਪੀ ਸੀ। ਬਠਿੰਡਾ ਦੀ ਐਥਿਕਵਰਕਸ ਇਮੀਗ੍ਰੇਸ਼ਨ ਸਰਵਿਸੇਜ਼ (EthicWorks Immigration Services) ਵੱਲੋਂ ਦਸੰਬਰ 2019 ਵਿਚ ਫ਼ੇਸਬੁੱਕ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿਚ ਕਰਨ ਬਰਾੜ ਕਹਿੰਦਾ ਹੈ ਕਿ ਉਸਦਾ ਸਟਡੀ ਵੀਜ਼ਾ ਆ ਗਿਆ ਹੈ। ਇੱਕ ਫ਼ੋਟੋ ਵਿਚ ਉਹ ਇੱਕ ਪਾਸਪੋਰਟ ਚੱਕੀ ਨਜ਼ਰੀਂ ਪੈ ਰਿਹਾ ਹੈ ਜਿਸ ਅੰਦਰ ਕੈਨੇਡੀਅਨ ਸਟਡੀ ਵੀਜ਼ਾ ਲੱਗਾ ਹੋਇਆ ਹੈ।

ਐਥਿਕਵਰਕਸ ਵੱਲੋਂ ਪਾਈ ਕੈਪਸ਼ਨ ਵਿਚ ਕਰਨ ਬਰਾੜ ਨੂੰ ਵਧਾਈ ਦਿੱਤੀ ਗਈ ਹੈ ਅਤੇ ਲਿਖਿਆ ਹੈ ਕਿ ਕੋਟਕਪੂਰੇ ਤੋਂ ਇੱਕ ਹੋਰ ਖ਼ੁਸ਼/ਸੰਤੁਸ਼ਟ ਕਲਾਇੰਟ

ਇੱਕ ਵੱਖਰਾ ਫ਼ੇਸਬੁੱਕ ਖਾਤਾ ਜੋ ਕਿ ਕੋਟਕਪੂਰਾ ਦੇ ਕਰਨ ਬਰਾੜ ਹੈ ਅਤੇ ਜਿਸ ਵਿਚਲੀਆਂ ਤਸਵੀਰਾਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਨਾਲ ਮੇਲ ਖਾਂਦੀਆਂ ਹਨ, ਦਰਸਾਉਂਦਾ ਹੈ ਕਿ ਕਰਨ ਬਰਾੜ ਨੇ ਅਪ੍ਰੈਲ 2020 ਵਿਚ ਕੈਲਗਰੀ ਦੇ ਬੋਅ ਵੈਲੀ ਕਾਲਜ ਵਿਚ ਦਾਖ਼ਲਾ ਲਿਆ ਸੀ, ਅਤੇ ਬਾਅਦ ਵਿਚ ਇੱਕ ਮਹੀਨੇ ਮਗਰੋਂ ਉਹ ਐਡਮੰਟਨ ਆ ਗਿਆ ਸੀ।

ਨਾ ਤਾਂ ਬੋਅ ਵੈਲੀ ਕਾਲਜ ਅਤੇ ਨਾ ਹੀ ਐਥਿਕਵਰਕਸ ਇਮੀਗ੍ਰੇਸ਼ਨ ਸਰਵਿਸੇਜ਼, ਨੇ ਟਿੱਪਣੀ ਲਈ ਕੀਤੀ ਬੇਨਤੀ ਦਾ ਤੁਰੰਤ ਜਵਾਬ ਦਿੱਤਾ।

ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਪਿਛਲੇ ਸ਼ੁੱਕਰਵਾਰ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਲਈ ਚਾਰਜ ਕੀਤਾ ਗਿਆ ਹੈ।

ਇਹਨਾਂ ਮੁਲਜ਼ਮਾਂ ਦੀ ਸਰੀ ਦੀ ਅਦਾਲਤ ਵਿਚ ਅਗਲੀ ਪੇਸ਼ੀ 21 ਮਈ ਦੀ ਹੈ।

ਪਿਛਲੇ ਸਾਲ ਜੂਨ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ। ਨਿੱਝਰ ਦੇ ਕਤਲ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਸਬੰਧਾਂ ਵਿਚ ਤਲਖ਼ੀ ਲਿਆ ਦਿੱਤੀ ਸੀ ਜਦੋਂ ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਲਜ਼ਾਮ ਲਗਾਇਆ ਸੀ ਕਿ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ।

ਭਾਰਤ ਇਨ੍ਹਾਂ ਦੋਸ਼ਾਂ ਤੋਂ ਮੁਨਕਰ ਹੈ।

ਜਦੋਂ ਇਮੀਗ੍ਰੇਸ਼ਨ ਵਿਭਾਗ ਕੋਲੋਂ ਸ਼ੱਕੀਆਂ ਦੇ ਇਮੀਗ੍ਰੇਸ਼ਨ ਸਟੈਟਸ ਬਾਰੇ ਟਿੱਪਣੀ ਮੰਗੀ ਗਈ ਤਾਂ ਵਿਭਾਗ ਨੇ ਜਵਾਬ ਵਿਚ ਕਿਹਾ ਕਿ ਉਹ ਚਲ ਰਹੀਆਂ ਤਫ਼ਤੀਸ਼ਾਂ ਜਾਂ ਵਿਅਕਤੀਗਤ ਮਾਮਲਿਆਂ ’ਤੇ ਟਿੱਪਣੀ ਨਹੀਂ ਕਰ ਸਕਦਾ। 

ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੂਆਰੇ ਦਾ ਪ੍ਰਧਾਨ ਸੀ ਅਤੇ ਇੱਕ ਵੱਖਰੇ ਸਿੱਖ ਰਾਜ (ਖ਼ਾਲਿਸਤਾਨ) ਦਾ ਸਮਰਥਕ ਸੀ। ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ