1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ

ਜੰਗਲੀ ਅੱਗਾਂ ਦਾ ਖ਼ਤਰਾ ਵਧਿਆ

ਇਸ ਵੀਕੈਂਡ ਬੀਸੀ ਦੇ ਕੁਝ ਅੰਦਰੂਨੀ ਹਿੱਸਿਆਂ ਵਿਚ ਤਾਪਮਾਨ 30 ਡਿਗਰੀ ਤੋਂ ਵੱਧ ਹੋ ਸਕਦਾ ਹੈ।

ਇਸ ਵੀਕੈਂਡ ਬੀਸੀ ਦੇ ਕੁਝ ਅੰਦਰੂਨੀ ਹਿੱਸਿਆਂ ਵਿਚ ਤਾਪਮਾਨ 30 ਡਿਗਰੀ ਤੋਂ ਵੱਧ ਹੋ ਸਕਦਾ ਹੈ।

ਤਸਵੀਰ: (Winston Szeto/CBC)

RCI

ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਮਾਹਰ ਕੈਨ ਦੋਸਾਂਝ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਬੀਸੀ ਦੇ ਕੁਝ ਅੰਦਰੂਨੀ ਹਿੱਸਿਆਂ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਸਕਦਾ ਹੈ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੋਮਵਾਰ ਤੱਕ ਗਰਮ ਅਤੇ ਧੁੱਪ ਵਾਲੇ ਦਿਨ ਬਰਕਰਾਰ ਰਹਿਣਗੇ, ਫਿਰ ਸੋਮਵਾਰ ਮਗਰੋਂ ਤਾਪਮਾਨ ਹੇਠਾਂ ਆ ਜਾਵੇਗਾ ‘ਤੇ ਬੱਦਲਵਾਈ ਦੀ ਪੇਸ਼ੀਨਗੋਈ ਹੈ।

ਸ਼ਨੀਵਾਰ ਨੂੰ ਕੈਮਲੂਪਸ ਵਿਚ ਤਾਪਮਾਨ 32 ਡਿਗਰੀ ਹੋਣ ਦਾ ਅਨੁਮਾਨ ਹੈ, ਜੋ ਕਿ ਔਸਤ ਤਾਪਮਾਨ ਨਾਲੋਂ 12 ਡਿਗਰੀ ਉੱਪਰ ਹੈ ਅਤੇ ਇਹ 1971 ਤੋਂ ਬਾਅਦ ਦਾ ਸਭ ਤੋਂ ਗਰਮ ਤਾਪਮਾਨ ਹੋਵੇਗਾ।

ਕਿਲੋਨਾ, ਪੈਨਟਿਕਟਿਨ, ਕਲੀਅਰਵਾਟਰ, ਲਿਲੂਏਟ ਅਤੇ ਕੈਸ਼ ਕ੍ਰੀਕ ਵਿਚ ਵੀ ਤਾਪਮਾਨ 30 ਡਿਗਰੀ ਤੋਂ ਜ਼ਿਆਦਾ ਹੋ ਸਕਦਾ ਹੈ।

ਐਨਵਾਇਰਨਮੈਂਟ ਕੈਨੇਡਾ ਅਨੁਸਾਰ ਪ੍ਰਿੰਸ ਜੌਰਜ ਵਿਚ ਸ਼ੁੱਕਰਵਾਰ ਨੂੰ ਤਾਪਮਾਨ ਦੇ 26 ਡਿਗਰੀ ਹੋਣ ਦੀ ਸੰਭਾਵਨਾ ਹੈ, ਜੋ ਕਿ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ 10 ਡਿਗਰੀ ਵਧੇਰੇ ਹੈ।

ਦੱਖਣੀ ਤੱਟਵਰਤੀ ਇਲਾਕਿਆਂ ਵਿਚ ਤਾਪਮਾਨ ਮੁਕਾਬਲਾਤਨ ਠੰਡਾ ਹੋਵੇਗਾ। ਸ਼ਨੀਵਾਰ ਨੂੰ ਵੈਨਕੂਵਰ ਵਿਚ 21 ਡਿਗਰੀ ਸੈਲਸੀਅਸ ਦੀ ਭਵਿੱਖਬਾਣੀ ਹੈ।

ਦੋਸਾਂਝ ਨੇ ਕਿਹਾ ਕਿ ਭਾਵੇਂ ਪਾਰਾ ਉੱਪਰ ਜਾਣ ‘ਤੇ ਝੀਲਾਂ ਵਿਚ ਡੁਬਕੀ ਲਾਉਣ ਦਾ ਖ਼ਿਆਲ ਆਕਰਸ਼ਤ ਕਰ ਸਕਦਾ ਹੈ, ਪਰ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਝੀਲਾਂ ਵਿਚ ਪਾਣੀ ਅਜੇ ਵੀ ਠੰਡਾ ਹੈ ਅਤੇ ਲੰਬਾ ਸਮਾਂ ਠੰਡੇ ਪਾਣੀ ਵਿਚ ਰਹਿਣ ਨਾਲ ਹਾਈਪੋਥਰਮੀਆ ਦਾ ਖ਼ਤਰਾ ਹੋ ਸਕਦਾ ਹੈ।

ਦੋਸਾਂਝ ਨੇ ਕਿਹਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਤਾਪਮਾਨ ਔਸਤ ਨਾਲੋਂ ਕਿਤੇ ਜ਼ਿਆਦਾ ਉੱਪਰ ਸੀ, ਜਿਸ ਨੇ ਜੰਗਲੀ ਅੱਗਾਂ ਵਿਚ ਵੱਡਾ ਯੋਗਦਾਨ ਪਾਇਆ ਸੀ।

ਉਨ੍ਹਾਂ ਕਿਹਾ ਕਿ ਇਸ ਵੀਕੈਂਡ ਤਾਪਮਾਨ ਭਾਵੇਂ ਨੌਰਮਲ ਨਾਲੋਂ ਵਧੇਰੇ ਗਰਮ ਹੈ, ਪਰ ਮਈ 2023 ਵਰਗੇ ਹਾਲਾਤ ਨਹੀਂ ਹਨ।

ਜੰਗਲੀ ਅੱਗ ਦਾ ਖ਼ਤਰਾ

ਗਰਮ ਤਾਪਮਾਨ ਉਦੋਂ ਦਰਜ ਹੋ ਰਿਹਾ ਹੈ ਜਦੋਂ ਸੂਬੇ ਦੇ ਕਈ ਹਿੱਸੇ ਸੋਕੇ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਦਾ ਅਰਥ ਹੈ ਕਿ ਜੰਗਲੀ ਅੱਗਾਂ ਦਾ ਸੀਜ਼ਨ ਵਧੇਰੇ ਲੰਬਾ ਅਤੇ ਚੁਣੌਤੀਪੂਰਨ ਹੋ ਸਕਦਾ ਹੈ।

ਤਕਰੀਬਨ ਪੂਰੇ ਸੂਬੇ ਵਿਚ ਖੁੱਲ੍ਹੇ ਵਿਚ ਬਾਲਣ (ਨਵੀਂ ਵਿੰਡੋ) ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਕੈਂਪਿੰਗ ਸੀਜ਼ਨ ਦੀ ਆਮਦ ‘ਤੇ ਅਧਿਕਾਰੀਆਂ ਨੇ ਲੋਕਾਂ ਨੂੰ ਕੈਂਪਫ਼ਾਇਰ ਦੌਰਾਨ ਵਧੇਰੇ ਸੁਚੇਤ ਰਹਿਣ ਲਈ ਆਖਿਆ ਹੈ।

ਵੀਰਵਾਰ ਨੂੰ ਜੰਗਲਾਤ ਮੰਤਰੀ, ਬਰੂਸ ਰੈਲਜ਼ਟਨ ਨੇ ਕਿਹਾ ਕਿ ਵੀਕੈਂਡ ਦੌਰਾਨ ਵਧੀ ਗਰਮੀ ਜੰਗਲੀ ਅੱਗਾਂ ਵਿਚ ਵਾਧੇ ਦਾ ਕਾਰਨ ਬਣ ਸਕਦੀ ਹੈ।

ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਇਲਾਕਾ, ਖ਼ਾਸ ਤੌਰ ‘ਤੇ ਫ਼ੋਰਟ ਨੈਲਸਨ, ਵਧੇਰੇ ਤਾਪਮਾਨ ਅਤੇ ਤੇਜ਼ ਹਵਾਵਾਂ ਕਰਕੇ ਵਧੇਰੇ ਰਿਸਕ ‘ਤੇ ਹੈ। ਬੀਸੀ ਵਿਚ ਇਸ ਸਮੇਂ ਬਲ ਰਹੀਆਂ ਜ਼ਿਆਦਾਤਰ ਜੰਗਲੀ ਅੱਗਾਂ ਪ੍ਰਿੰਸ ਜੌਰਜ ਫ਼ਾਇਰ ਸੈਂਟਰ ਦੇ ਅੰਦਰ ਹਨ, ਜੋ ਕਿ ਸੂਬੇ ਦਾ ਉੱਤਰ-ਪੱਛਮੀ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਇਲਾਕੇ ਵਿਚ ਵਾਧੂ ਫ਼ਾਇਰਫ਼ਾਇਟਰਾਂ ਨੂੰ ਭੇਜਿਆ ਗਿਆ ਹੈ, ਤਾਂ ਕਿ ਨਵੀਆਂ ਅੱਗਾਂ ਲੱਗਣ ‘ਤੇ ਉਨ੍ਹਾਂ ਨਾਲ ਨਜਿੱਠਿਆ ਜਾ ਸਕੇ।

ਐਮਰਜੈਂਸੀ ਮੈਨੈਜਮੰਟ ਮੰਤਰੀ ਬੋਵਿਨ ਮਾ ਨੇ ਫ਼ੋਰਟ ਨੈਲਸਨ ਇਲਾਕੇ ਦੇ ਲੋਕਾਂ ਨੂੰ ਐਲਰਟਾਂ ਅਤੇ ਇਲਾਕਾ ਖ਼ਾਲੀ ਕਰਨ ਦੇ ਆਦੇਸ਼ਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ